ਗਰਮੀ ਤੋਂ ਬਚਾਅ, ਸਾਵਧਾਨੀਆਂ ਅਤੇ ਇਲਾਜ ਸਬੰਧੀ ਦਿੱਤੀ ਟ੍ਰੇਨਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 04 ਮਈ 2024 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਮਈ ਦੇ ਮਹੀਨੇ ਪੈ ਰਹੀ ਗਰਮੀ ਤੋਂ ਬਚਾਅ ਲਈ ਸ਼ੁੱਕਰਵਾਰ ਨੂੰ ਬਲਾਕ ਐਕਸਟੈਂਸ਼ਨ ਐਜੂਕੇਟਰਜ਼ ਅਤੇ ਕਮਿਊਨਿਟੀ ਹੈਲ਼ਥ ਅਫਸਰਜ਼ ਨੂੰ "ਹੀਟ ਵੇਵਸ ਨਾਲ ਸਬੰਧਤ ਬਿਮਾਰੀਆਂ ਤੋੰ ਬਚਾਅ ਅਤੇ ਇਲਾਜ ਪ੍ਰਬੰਧਨ" ਵਿਸ਼ੇਸ 'ਤੇ ਸਮਰੱਥਾ ਨਿਰਮਾਣ ਟ੍ਰੇਨਿੰਗ ਦਿੱਤੀ।
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ 40 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ
ਹੋਣ 'ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ਵਿੱਚ ਰੱਖਦਾ ਹੈ। ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਹੀਟਸਟ੍ਰੋਕ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਡਾ. ਜਸਪ੍ਰੀਤ ਕੌਰ ਨੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕੜਕਦੀ ਧੁੱਪ ਵਿੱਚ ਸਿਖ਼ਰ ਦੁਪਹਿਰ ਵੇਲੇ ਖ਼ਾਸ ਕਰਕੇ 12:00 ਵਜੇ ਤੋਂ 4:00 ਵਜੇ ਦਰਮਿਆਨ ਘਰੋਂ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ ਕੀਤਾ ਜਾਵੇ। ਜ਼ਿਆਦਾ ਜ਼ਰੂਰਤ ਪੈਣ 'ਤੇ ਘਰੋਂ ਬਾਹਰ ਨਿਕਲਣ ਸਮੇਂ ਆਪਣੇ ਸਰੀਰ ਨੂੰ ਹਲਕੇ ਸੂਤੀ ਕੱਪੜਿਆਂ ਨਾਲ ਪੂਰੀ ਤਰ੍ਹਾਂ ਨਾਲ ਢੱਕ ਲਿਆ ਜਾਵੇ ਜੋ ਕਿ ਸਰੀਰ ਨੂੰ ਠੰਡਾ ਰੱਖਣ ਵਿੱਚ ਸਹਾਇਕ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਲੂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਇਨ੍ਹਾਂ ਦੀ ਸਿਹਤ 'ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਗਰਮੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਹਿੱਤ ਘਰੇਲੂ ਤਰਲ ਪਦਾਰਥ ਜਿਵੇਂ ਸਾਦਾ ਪਾਣੀ, ਲੱਸੀ, ਸ਼ਿਕੰਜਵੀ, ਗੰਨੇ ਦਾ ਰਸ, ਨਾਰੀਅਲ ਪਾਣੀ, ਤਾਜ਼ਾ ਜੂਸ ਅਤੇ ਓ.ਆਰ.ਐੱਸ. ਘੋਲ਼ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਕੋਲਡ ਡਰਿੰਕ, ਹਾਰਡ ਡਰਿੰਕ ਤੇ ਹੋਰ ਡੱਬਾਬੰਦ ਪੀਣ ਵਾਲੇ ਤਰਲ ਪਦਾਰਥ ਪੀਣ, ਬਾਹਰ ਦੇ ਖਾਣੇ ਜਾਂ ਫਾਸਟ ਫੂਡ ਖਾਣ ਤੋਂ ਪ੍ਰਹੇਜ ਕੀਤਾ ਜਾਵੇ।
ਜ਼ਿਲ੍ਹਾ ਸਿਹਤ ਮੁਖੀ ਨੇ ਲੂਅ ਦੇ ਲੱਛਣਾਂ ਨੂੰ ਜਲਦ ਪਛਾਨਣ ਸਬੰਧੀ ਆਪਣੇ ਸੰਬੋਧਨ ਵਿੱਚ ਅੱਗੇ ਦੱਸਿਆ ਕਿ ਅੱਖਾਂ ਦੇ ਸਾਹਮਣੇ ਹਨ੍ਹੇਰਾ ਛਾਅ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ ਅਤੇ ਘਬਰਾਹਟ ਹੋਣਾ, ਹਲਕਾ ਜਾਂ ਤੇਜ਼ ਬੁਖਾਰ ਹੋਣਾ, ਜੀਅ ਖਰਾਬ ਹੋਣਾ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਦ ਹੋਣਾ ਅਤੇ ਕਮਜ਼ੋਰੀ ਮਹਿਸੂਸ ਹੋਣਾ ਆਦਿ ਲੂਅ ਲੱਗਣ ਦੇ ਲੱਛਣ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿੱਚ ਉੁਕਤ ਲੱਛਣ ਵਿਖਾਈ ਦੇਣ ਤਾਂ ਮੁੱਢਲੀ ਸਹਾਇਤਾ 'ਚ ਜ਼ਰੂਰੀ ਹੈ ਕਿ ਅਜਿਹੇ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਕੱਪੜੇ ਢਿੱਲੇ ਕਰ ਦਿੱਤੇ ਜਾਣ, ਪੀਣ ਲਈ ਕੁਝ ਘਰੇਲੂ ਤਰਲ ਪਦਾਰਥ ਦਿੱਤਾ ਜਾਵੇ, ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਲਈ ਠੰਢੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾਣ।
ਸਿਵਲ ਸਰਜਨ ਨੇ ਗਰਮੀ ਵਿੱਚ ਲੂਅ ਤੋਂ ਬਚਾਅ ਲਈ ਆਮ ਲੋਕਾਂ ਨੂੰ ਵੀ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆਂ ਲੋੜੀਂਦੀਆਂ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਲਈ ਕਿਹਾ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਵੀ ਗਰਮੀ ਤੋਂ ਬਚਾਅ, ਲੋੜੀਂਦੀਆਂ ਸਾਵਧਾਨੀਆਂ, ਲੱਛਣ ਅਤੇ ਇਲਾਜ ਪ੍ਰਬੰਧਨ ਉੱਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆਂ ਲੋੜੀਂਦੀਆਂ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੂਅ ਲੱਗਣ ਦੇ ਖ਼ਦਸ਼ਿਆਂ ਦੇ ਚੱਲਦਿਆਂ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਵਿਅਕਤੀ ਨੂੰ ਜਿੰਨੀ ਜਲਦੀ ਹੋ ਸਕੇ, ਨੇੜਲੇ ਹਸਪਤਾਲ ਲਿਜਾ ਕੇ ਮਾਹਰ ਡਾਕਟਰਾਂ ਕੋਲੋਂ ਉੱਚਿਤ ਇਲਾਜ ਸ਼ੁਰੂ ਕਰਵਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਰੇਣੂ ਅਗਰਵਾਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।